ਭਾਰਤੀ TV ਇੰਡਸਟਰੀ ਦੇ ਮਸ਼ਹੂਰ ਸਿਤਾਰੇ ਅਤੇ ਰਿਐਲਿਟੀ ਸ਼ੋਅ ਬਿਗ ਬੌਸ 13 ਦੇ ਜੇਤੂ ਰਹੇ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ ’ਚ ਪਿੱਛੇ ਜਿਹੇ ਦਿਹਾਂਤ ਹੋ ਜਾਣਾ ਹਰ ਕਿਸੇ ਲਈ ਹੈਰਾਨੀਜਨਕ ਸੀ। ਦੱਸ ਦੇਈਏ ਕਿ ਸਿਧਾਰਥ ਨੂੰ ਹਾਰਟ ਅਟੈਕ ਆਇਆ ਸੀ ਜਿਸ ਕਾਰਨ ਉਸ ਦਾ ਦਿਹਾਂਤ ਹੋ ਗਿਆ। ਇਸ ਖ਼ਬਰ ਨਾਲ ਪੂਰੀ ਫ਼ਿਲਮ ਇੰਡਸਟਰੀ ਸਮੇਤ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਵੀ ਹੈਰਾਨ ਹਨ ਕਿਉਂਕਿ ਉਸ ਦੇ ਸਭ ਜਾਣਕਾਰ ਜਾਣਦੇ ਹਨ ਕਿ ਸਿਧਾਰਥ ਆਪਣੇ ਸ਼ਰੀਰ ਦੀ ਫ਼ਿਟਨੈੱਸ ਲਈ ਖ਼ੂਬ ਜਿਮ ਕਰਦਾ ਸੀ ਅਤੇ ਚੰਗੀ ਖੁਰਾਕ ਲੈਂਦਾ ਸੀ। ਇਸ ਦੇ ਬਾਵਜੂਦ ਉਸ ਦਾ ਇਸ ਤਰ੍ਹਾਂ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਹਰ ਕਿਸੇ ਲਈ ਅਚੰਭੇ ਦਾ ਕਾਰਨ ਸੀ।
ਹਾਰਟ ਅਟੈਕ ਨਾਲ ਮੌਤ ਹੋਣਾ ਕੋਈ ਨਵੀਂ ਗੱਲ ਨਹੀਂ, ਪਰ ਕੋਈ ਅਟੈਕ ਇੰਨਾ ਖਤਰਨਾਕ ਹੁੰਦਾ ਹੈ ਕਿ ਇੱਕ ਸੈਕਿੰਡ ’ਚ ਇਨਸਾਨ ਦੀ ਜਾਨ ਨਿਕਲ ਜਾਂਦੀ ਹੈ। ਆਓ ਜਾਣਦੇ ਹਾਂ ਕਿ ਆਖਿਰ ਦਿਲ ਦਾ ਦੌਰਾ ਪੈਂਦਾ ਕਿਉਂ ਹੈ?
ਸਾਡੇ ਸ਼ਰੀਰ ’ਚ ਹਾਰਟ ਕਿਥੇ ਅਤੇ ਕਿੰਝ ਕੰਮ ਕਰਦਾ ਹੈ?
ਹਾਰਟ ਸਾਡੇ ਸ਼ਰੀਰ ਦਾ ਇੱਕ ਬਹੁਤ ਮਹਤੱਵਪੂਰਨ ਅੰਗ ਹੈ। ਇਹ ਇੱਕ ਅਜਿਹੀ ਮਾਸਪੇਸ਼ੀ ਹੈ ਜੋ ਇੱਕ ਪੰਪ ਦੀ ਤਰ੍ਹਾਂ ਕੰਮ ਕਰਦੀ ਹੈ। ਹਾਰਟ ਦਾ ਆਕਾਰ ਸਾਡੇ ਹੱਥ ਦੀ ਇੱਕ ਮੁੱਠੀ ਦੇ ਬਰਾਬਰ ਹੁੰਦਾ ਹੈ, ਅਤੇ ਇਹ ਛਾਤੀ ਦੇ ਦੋਹੇਂ ਫ਼ੇਫ਼ੜਿਆਂ ਦੇ ਵਿਚਕਾਰ ਹੁੰਦਾ ਹੈ। ਇਹ ਲਗਾਤਾਰ ਪੰਪਿਗ ਕਰਦਾ ਰਹਿੰਦਾ ਹੈ ਭਾਵ ਪਲ-ਪਲ ’ਚ ਸੁੰਗੜਦਾ ਅਤੇ ਫ਼ੈਲਦਾ ਹੈ। ਸੁੰਗੜਨ ਅਤੇ ਫ਼ੈਲਣ ਦੀ ਕਿਰਿਆ ਨਾਲ ਸਾਡੇ ਸ਼ਰੀਰ ਦੀ ਰਕਤ ਵਹਿਣੀਆਂ ’ਚ ਲਗਾਤਾਰ ਖ਼ੂਨ ਦਾ ਪ੍ਰਵਾਹ ਹੁੰਦਾ ਹੈ।
ਇੰਝ ਆਉਂਦਾ ਹੈ ਹਾਰਟ ਅਟੈਕ
ਦੱਸ ਦੇਈਏ ਕਿ ਹਾਰਟ ਖ਼ੁਦ ਇੱਕ ਮਾਸਪੇਸ਼ੀ ਹੈ, ਅਤੇ ਇਸ ਨੂੰ ਆਪਣਾ ਕੰਮ ਕਰਨ ਲਈ ਖ਼ੂਨ ਦੀ ਲੋੜ ਹੁੰਦੀ ਹੈ। ਜਿਹੜੀਆਂ ਰਕਤ ਧਮਨੀਆਂ ਦਿਲ ਨੂੰ ਖ਼ੂਨ ਪ੍ਰਵਾਹ ਪਹੁੰਚਾਉਂਦੀਆਂ ਹਨ ਉਨ੍ਹਾਂ ਨੂੰ ਕੋਰੋਨਰੀ ਧਮਨੀਆਂ ਵੀ ਕਹਿੰਦੇ ਹਨ। ਇਹ ਧਮਨੀਆਂ ਦਿਲ ਲਈ ਬਹੁਤ ਜ਼ਰੂਰੀ ਹਨ। ਜਦੋਂ ਤਕ ਇਹ ਦਿਲ ਨੂੰ ਲੋੜ ਦੇ ਹਿਸਾਬ ਨਾਲ ਖ਼ੂਨ ਭੇਜਦੀਆਂ ਰਹਿੰਦੀਆਂ ਹਨ ਓਦੋਂ ਤਕ ਉਸ ਨੂੰ ਔਕਸੀਜਨ ਮਿਲਦੀ ਰਹਿੰਦੀ ਹੈ ਅਤੇ ਇਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਦਾ ਰਹਿੰਦਾ ਹੈ।
ਜਦੋਂ ਦਿਲ ਤਕ ਸਹੀ ਤਰੀਕੇ ਨਾਲ ਖ਼ੂਨ ਅਤੇ ਔਕਸੀਜਨ ਨਹੀਂ ਪਹੁੰਚਦੀ, ਉਸ ਨਾਲ ਦਿਲ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਅਤੇ ਅਜਿਹੀ ਸਥਿਤੀ ’ਚ ਆਮ ਤੌਰ ’ਤੇ ਲੋਕਾਂ ਦੇ ਸੀਨੇ ’ਚ ਨਾ ਬਰਦਾਸ਼ਤ ਕਰਨ ਵਾਲਾ ਦਰਦ ਹੋਣ ਲੱਗਦਾ ਹੈ ਜੋ ਕਿ ਹਾਰਟ ਅਟੈਕ ਦੇ ਸੰਕੇਤ ਹਨ।
ਆਖਿਰ ਪੈਂਦਾ ਕਿਓਂ ਹੈ ਦਿਲ ਦਾ ਦੌਰਾ?
ਹਰ ਕਿਸੇ ਦੇ ਮਨ ’ਚ ਇਹ ਸਵਾਲ ਜ਼ਰੂਰ ਉਠਦਾ ਰਹਿੰਦਾ ਹੈ ਕਿ ਆਖਿਰ ਦਿਲ ਦਾ ਦੌਰਾ ਕਿਉਂ ਪੈਂਦਾ ਹੈ। ਦਿਲ ਦੇ ਦੌਰੇ ਦਾ ਅਰਥ ਹੈ ਕਿ ਰਕਤ ਦੀ ਘਾਟ ਕਾਰਨ ਕਿਸੇ ਹਿੱਸੇ ਦਾ ਨਸ਼ਟ ਹੋ ਜਾਣਾ, ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਹਾਰਟ ਅਟੈਕ ਨੂੰ ਰਕਤ ਦੇਣ ਵਾਲੀਆਂ ਧਮਨੀਆਂ ਦੇ ਅੰਦਰ ਚਿਕਨਾਈ ਜਮ੍ਹਾ ਹੋ ਜਾਣੀ ਜਿਸ ਨੂੰ ਕੋਲੈਸਟਰੋਲ ਵੀ ਕਹਿੰਦੇ ਹਨ। ਅਜਿਹੇ ’ਚ ਵੀ ਧਮਨੀਆਂ ’ਚ ਖ਼ੂਨ ਦਾ ਸਹੀ ਢੰਗ ਨਾਲ ਪ੍ਰਵਾਹ ਨਹੀਂ ਹੁੰਦਾ। ਇਸ ਰੁਕਾਵਟ ਨਾਲ ਦਿਲ ’ਚ ਰਕਤ ਦੀ ਘਾਟ ਹੋ ਜਾਂਦੀ ਹੈ ਅਤੇ ਸੀਨੇ ’ਚ ਦਰਦ ਹੋਣ ਲੱਗਦਾ ਹੈ ਜਿਸ ਨੂੰ ਐਨਜਾਇਨਾ ਪੈਕਟੋਰਿਕ ਵੀ ਕਹਿੰਦੇ ਹਨ। ਕਈ ਵਾਰ ਔਕਸੀਜਨ ’ਚ ਰੁਕਾਵਟ ਨਾਲ ਵੀ ਧਮਨੀਆਂ ਦੇ ਅੰਦਰ ਰਕਤ ਸਹੀ ਤਰੀਕੇ ਨਾਲ ਪ੍ਰਵਾਹ ਨਹੀਂ ਹੁੰਦਾ।
ਦਿਲ ਦੇ ਦੌਰੇ ਦੇ ਲੱਛਣ
ਜਦੋਂ ਦਿਲ ਦਾ ਦੌਰਾ ਪੈਂਦਾ ਹੈ ਤਾਂ ਕੁੱਝ ਖ਼ਾਸ ਲੱਛਣ ਨਜ਼ਰ ਆਉਣ ਲੱਗਦੇ ਹਨ ਜਿਵੇਂ ਸੀਨੇ ’ਚ ਤਕਲੀਫ਼ ਜਾਂ ਦਰਦ; ਸੀਨੇ ’ਚ ਜਕੜਨ ਜਾਂ ਛਿੱਕਾਂ ਆਉਣਾ; ਹੱਥ, ਗਰਦਨ, ਜਬੜੇ ਜਾਂ ਪਿੱਠ ’ਚ ਦਰਦ; ਠੰਡਾ ਪਸੀਨਾ; ਜੀ ਮਚਲਾਉਣਾ; ਹਾਰਟਬਰਨ ਜਾਂ ਢਿੱਡ ਦਰਦ, ਸਾਹ ਦੀ ਘਾਟ, ਥਕਾਵਟ, ਆਦਿ।
ਇਸ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਚੈੱਕਅਪ
ਅੱਜ ਦੇ ਬਦਲਦੇ ਦੌਰ ’ਚ ਹਾਰਟ ਅਟੈਕ ਦੀ ਸਮੱਸਿਆ ਕਿਸੇ ਵੀ ਉਮਰ ’ਚ ਦੇਖਣ ਨੂੰ ਮਿਲ ਜਾਂਦੀ ਹੈ, ਪਰ 35 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਵਿਅਕਤੀ ਜਾਂ ਜਿਸ ਨੂੰ ਉੱਚ ਕੈਲੋਸਟਰਾਲ, BP, ਸ਼ੂਗਰ, ਮੋਟਾਪਾ ਜਾਂ ਹਾਰਟ ਸੰਬੰਧਤ ਸਮੱਸਿਆਵਾਂ ਹੋਣ ਤਾਂ ਉਸ ਨੂੰ ਨਿਯਮਿਤ ਤੌਰ ’ਤੇ ਹਾਰਟ ਸਬੰਧੀ ਜਾਂਚ ਕਰਵਾਉਣੀ ਚਾਹੀਦੀ ਹੈ।